ਕੰਨ ‘ਚ ਵੀ ਪਹੁੰਚ ਸਕਦਾ ਹੈ ਕੋਰੋਨਾ ਇਨਫੈਕਸ਼ਨ
ਵਾਸ਼ਿੰਗਟਨ : ਗਲੋਬਲ ਪੱਧਰ ‘ਤੇ ਕੋਰੋਨਾਵਾਇਰਸ ਦੀ ਦਹਿਸ਼ਤ ਬਣੀ ਹੋਈ ਹੈ। ਇਕ ਜਾਣਕਾਰੀ ਮੁਤਾਬਕ ਕੋਰੋਨਾਵਾਇਰਸ ਨੱਕ, ਗਲੇ ਅਤੇ ਫੇਫੜਿਆਂ ਨੂੰ ਪ੍ਰਭਾਵਿਤ ਕਰਦਾ ਹੈ। ਇਹ ਗੱਲ ਤਾਂ ਹੁਣ ਤੱਕ ਸਾਰਿਆਂ ਨੂੰ ਪਤਾ ਹੈ। ਭਾਵੇਂਕਿ ਇਕ ਨਵੇਂ ਅਧਿਐਨ ਵਿਚ ਖੁਲਾਸਾ ਹੋਇਆ ਹੈ ਕਿ ਵਾਇਰਸ ਕੰਨ ਨੂੰ ਵੀ ਪ੍ਰਭਾਵਿਤ ਕਰ ਸਕਦਾ ਹੈ ਅਤੇ ਕੰਨ ਦੇ ਪਿੱਛੇ ਦੀ ਹੱਡੀ ਨੂੰ ਵੀ। 3 ਮਰੀਜ਼ਾਂ ‘ਤੇ ਕੀਤੇ ਗਏ ਅਧਿਐਨ ਵਿਚ ਦੋ ਵਿਚ ਇਹਨਾਂ ਥਾਵਾਂ ‘ਤੇ ਕਾਫੀ ਜ਼ਿਆਦਾ ਇਨਫੈਕਸ਼ਨ ਪਾਇਆ ਗਿਆ।ਜੌਨ ਹਾਪਕਿਨਜ਼ ਸਕੂਲ ਆਫ ਮੈਡੀਸਨ ਦੀ ਟੀਮ ਦਾ ਕਹਿਣਾ ਹੈ ਕਿ ਇਸ ਅਧਿਐਨ ਦੇ ਬਾਅਦ ਕੋਰੋਨਾਵਾਇਰਸ ਦੇ ਲੱਛਣ ਵਾਲੇ ਲੋਕਾਂ ਵਿਚ ਕੰਨ ਵੀ ਚੈੱਕ ਕੀਤੇ ਜਾਣ।
ਅਧਿਐਨ ‘ਚ ਹੋਇਆ ਖੁਲਾਸਾ
ਮੈਡੀਕਲ ਜਰਨਲ JAMA Otolaryngology ਵਿਚ ਛਪੇ ਅਧਿਐਨ ਵਿਚ ਅਜਿਹੇ 3 ਮਰੀਜ਼ਾਂ ਦਾ ਜ਼ਿਕਰ ਕੀਤਾ ਗਿਆ ਹੈ ਜਿਹਨਾਂ ਦੀ ਕੋਰੋਨਾਵਾਇਰਸ ਇਨਫੈਕਸ਼ਨ ਨਾਲ ਮੌਤ ਹੋ ਗਈ ਸੀ। ਇਹਨਾਂ ਵਿਚੋਂ ਦੋ 60 ਸਾਲ ਦੇ ਅਤੇ ਇਕ 80 ਸਾਲ ਦਾ ਸੀ। ਦੋ ਮਰੀਜ਼ਾਂ ਦੇ ਕੰਨ ਦੇ ਪਿੱਛੇ mastoid ਵਿਚ ਇਨਫੈਕਸ਼ਨ ਪਾਇਆ ਗਿਆ। ਟੀਮ ਦਾ ਕਹਿਣਾ ਹੈ ਕਿ ਹੁਣ ਇਸ ਸਬੰਧੀ ਸਾਵਧਾਨੀ ਵਰਤਣ ਦੀ ਲੋੜ ਹੈ।
ਪਹਿਲੇ ਅਧਿਐਨ ਵਿਚ ਵੀ ਹੋਇਆ ਸੀ ਖੁਲਾਸਾ
ਇਸ ਤੋਂ ਪਹਿਲਾਂ ਅਪ੍ਰੈਲ ਵਿਚ ਵੀ ਇਕ ਅਧਿਐਨ ਵਿਚ ਦਾਅਵਾ ਕੀਤਾ ਗਿਆ ਸੀ ਕਿ ਕੋਰੋਨਾ ਦੇ ਕਾਰਨ ਕੰਨ ਦੇ ਪਰਦੇ ਦੇ ਪਿੱਛੇ ਇਨਫੈਕਸ਼ਨ ਹੁੰਦਾ ਹੈ। ਇਕ ਹੋਰ ਅਧਿਐਨ ਵਿਚ ਪਾਇਆ ਗਿਆ ਸੀ ਕਿ ਜਿਹੜੇ ਲੋਕਾਂ ਵਿਚ ਵਾਇਰਸ ਦੇ ਲੱਛਣ ਨਹੀਂ ਸਨ ਇਨਫੈਕਸ਼ਨ ਖਤਮ ਹੋਣ ਦੇ ਬਾਅਦ ਉਹਨਾਂ ਦੀ ਸੁਣਨ ਦੀ ਸਮਰੱਥਾ ‘ਤੇ ਅਸਰ ਪਿਆ ਸੀ। ਇੱਥੇ ਦੱਸ ਦਈਏ ਕਿ ਕੋਰੋਨਾਵਾਇਰਸ ਇਨਫੈਕਸ਼ਨ ਨਾਲ ਦੁਨੀਆ ਭਰ ਵਿਚ ਹੁਣ ਤੱਕ 1 ਕਰੋੜ 56 ਲੱਖ ਤੋਂ ਵਧੇਰੇ ਲੋਕ ਪੀੜਤ ਹੋ ਚੁੱਕੇ ਹਨ ਜਦਕਿ 6,36,475 ਲੋਕਾਂ ਦੀ ਮੌਤ ਹੋ ਚੁੱਕੀ ਹੈ। ਚੰਗੀ ਗੱਲ ਇਹ ਹੈ ਕਿ 95,35,616 ਲੋਕ ਠੀਕ ਵੀ ਹੋਏ ਹਨ।
ਵੈਕਸੀਨ ਦੀ ਦੌੜ ਤੇਜ
ਇਕ ਪਾਸੇ ਜਿੱਥੇ ਯੂਰਪ ਅਤੇ ਅਮਰੀਕਾ ਜਿਹੇ ਖੇਤਰਾਂ ਵਿਚ ਇਨਫੈਕਸ਼ਨ ਦੀ ਦੂਜੀ ਲਹਿਰ ਤੋਂ ਬਚਾਅ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉੱਥੇ ਏਸ਼ੀਆ ਅਤੇ ਅਫਰੀਕਾ ਵਿਚ ਪਹਿਲੀ ਲਹਿਰ ਆਪਣੇ ਸਿਖਰ ‘ਤੇ ਪਹੁੰਚਦੀ ਦਿਸ ਰਹੀ ਹੈ। ਅਜਿਹੇ ਵਿਚ ਕੋਰੋਨਾ ਦੀ ਵੈਕਸੀਨ ਨੂੰ ਲੈ ਕੇ ਲੋਕਾਂ ਦੀ ਲੋੜ ਵੀ ਵੱਧ ਗਈ ਹੈ। ਵੈਕਸੀਨ ਦੀ ਦੌੜ ਵਿਚ ਫਿਲਹਾਲ ਬ੍ਰਿਟੇਨ ਦੀ ਆਕਸਫੋਰਡ ਯੂਨੀਵਰਸਿਟੀ, ਅਮਰੀਕਾ ਦੀ ਮੋਡਰਨਾ ਇੰਕ ਅਤੇ ਚੀਨ ਦੀ CanSino ਵਰਗੀਆਂ ਵੈਕਸੀਨਾਂ ਇਨਸਾਨਾਂ ‘ਤੇ ਟ੍ਰਾਇਲ ਦੇ ਸ਼ੁਰੂਆਤੀ ਪੜਾਅ ਵਿਚ ਪਹੁੰਚ ਚੁੱਕੀਆਂ ਹਨ।
